ਮਮਤਾ ਦੇ ਨੋਂ ਮਾਹਾਂ ਦਾ
ਤੇਰੇ ਦਿੱਤੇ ਸਾਹਾਂ ਦਾ
ਉਂਗਲ ਫਢ ਤੋਰੀਆਂ ਰਾਹਾਂ ਦਾ
ਹੱਥੀ ਕੀਤੀਆਂ ਸ਼ਾਵਾਂ ਦਾ
ਫਿਕਰ ਵਿਚ ਨਿੱਕਲੀਆਂ ਆਹਾਂ ਦਾ
ਤੇ ਦੁਆ ਵਿਚ ਉਠੀਆਂ ਬਾਹਾਂ ਦਾ
ਕੀ ਮੁੱਲ ਮੋੜਾਂ ਕਰਤਾਰੇ
ਮਾਂ, ਕੀ ਲਿਖਾਂ ਮੈਂ ਤੇਰੇ ਬਾਰੇ
ਮੇਰੇ ਲਫ਼ਜ ਵੀ ਤੇਰੇ ਉਧਾਰੇ
ਤੇਰੇ ਮੋਹ ਨਾਲ ਚੋਪੜੀਆਂ
ਰੋਟੀਆਂ ਨੇ
ਸਭ ਸੁੱਚੀਆਂ ਮੇਰੀਆਂ ਖੋਟੀਆਂ ਨੇ
ਤੇਰੀਆਂ ਰੱਬ ਵਰਗੀਆਂ ਸੀਸਾਂ ਨੇ
ਮਾੜੇ ਵਖਤ ਦੀਯਾਂ ਚੀਸਾਂ ਦੇ
ਦੁਖ ਹਰ ਲਾਏ ਸਾਰੇ
ਤੇਰੇ ਰੱਬ ਤੋਂ ਉੱਤੇ ਦਰਜੇ ਦਾ
ਤੇਰੇ ਦੁਧ ਖੂਨ ਦੇ ਕਰਜੇ ਦਾ
ਕੀ ਮੁੱਲ ਪਾਵਾਂ ਕਰਤਾਰੇ
ਮਾਂ, ਕੀ ਲਿਖਾਂ ਮੈਂ ਤੇਰੇ ਬਾਰੇ
ਮੇਰੇ ਲਫ਼ਜ ਵੀ ਤੇਰੇ ਉਧਾਰੇ
ਤੇਰੇ ਦਹੀਂ ਖੰਡ ਦੇ ਸ਼ਗਨਾ ਦੀ
ਪਾ ਸੁਰਮਾ ਹਟਾਈਆਂ ਨਜਰਾਂ ਦੀ
ਤੇਰੇ ਗੀਤਾਂ ਦੀ,
ਤੇਰੀਆਂ ਰੀਤਾਂ ਦੀ
ਤੇਰੀ ਸਾਦਗੀ ਦੇ ਸੰਗੀਤਾਂ ਦੀ
ਤੇਰੀ ਗੁਡ ਨਾਲੋਂ ਮਿਠੜੀ ਬੋਲੀ ਦੀ
ਲਫਜਾਂ ਵਿਚ ਮਿਸ਼ਰੀ ਘੋਲੀ ਦੀ
ਕੀ ਰੀਸ ਕਰਾਂ ਕਰਤਾਰੇ
ਮੇਰੇ ਲਫ਼ਜ ਵੀ ਤੇਰੇ ਉਧਾਰੇ
ਮਾਂ, ਕੀ ਲਿਖਾਂ ਮੈਂ ਤੇਰੇ ਬਾਰੇ
ਮਾਂ, ਕੀ ਲਿਖਾਂ ਮੈਂ ਤੇਰੇ ਬਾਰੇ
ਮੈਂ ਭਾਲੇ ਅਲਖ ਬੁਖਾਰੇ
ਨਹੀਂ ਲਭਦੇ ਤੇਰੀ ਬੁੱਕਲ ਜਿਹੇ
ਨਜਾਰੇ
ਮਾਂ, ਕੀ ਲਿਖਾਂ ਮੈਂ ਤੇਰੇ ਬਾਰੇ
ਮੇਰੇ ਲਫ਼ਜ ਵੀ ਤੇਰੇ ਉਧਾਰੇ
